ਨੌਜਵਾਨ ਸਾਡੀ ਤਰਜੀਹ ਕਿਉਂ ਨਹੀਂ ਬਣ ਰਹੇ ? - ਡਾ. ਸ਼ਿਆਮ ਸੁੰਦਰ ਦੀਪਤੀ

ਇਕ ਜਮਹੂਰੀ ਮੁਲਕ ਵਿਚ ਦੇਸ਼ ਦੇ ਹਰ ਨਾਗਰਿਕ, ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ ਜਾਂ ਕਿਸੇ ਵੀ ਸਮਾਜਿਕ ਵਰਗ ਨਾਲ ਸਬੰਧਿਤ ਹੋਵੇ, ਵੱਲ ਤਵੱਜੋ ਦੇਣ ਦੀ ਮੰਗ ਕੀਤੀ ਜਾਂਦੀ ਹੈ। ਉਂਜ ਤਾਂ ਇਹ ਮੰਨਿਆ ਜਾਂਦਾ ਹੈ ਕਿ ਹਰ ਸ਼ਖ਼ਸ ਆਪਣੀ ਸਮਰੱਥਾ ਅਤੇ ਕਾਬਲੀਅਤ ਮੁਤਾਬਿਕ ਦੇਸ਼ ਤੇ ਸਮਾਜ ਦੇ ਵਿਕਾਸ ਵਿਚ ਹਿੱਸਾ ਪਾਉਂਦਾ ਹੈ।
ਸਭ ਵੱਲ ਤਵੱਜੋ ਦੇਣ, ਸਭ ਦੀਆਂ ਖ਼ੁਆਹਿਸ਼ਾਂ ’ਤੇ ਖਰਾ ਉਤਰਨ ਲਈ ਜ਼ਰੂਰੀ ਹੈ ਕਿ ਉਸ ਵਰਗ ਦੀਆਂ ਕੁਦਰਤੀ ਲੋੜਾਂ ਦਾ ਪਤਾ ਹੋਵੇ ਜਾਂ ਮਾਹਿਰਾਂ ਤੋਂ ਪਤਾ ਲਾਇਆ ਜਾਵੇ ਤੇ ਉਸ ਮੁਤਾਬਿਕ ਕਾਰਜ ਉਲੀਕੇ ਅਤੇ ਅਰੰਭੇ ਜਾਣ। ਅੱਜ ਜਦੋਂ ਨੌਜਵਾਨਾਂ ਦੀ ਗੱਲ ਆਉਂਦੀ ਹੈ ਤਾਂ ਦੇਸ਼ ਨੂੰ ਪਤਾ ਹੋਵੇ ਕਿ ਉਨ੍ਹਾਂ ਦਾ ਖਾਸਾ ਕਿਹੋ ਜਿਹਾ ਹੈ, ਇਸ ਉਮਰ ਦੀਆਂ ਕੀ ਲੋੜਾਂ ਹਨ।
ਅੱਜ ਨੌਜਵਾਨ ਵਰਗ ਦੀ ਗੱਲ ਹੁੰਦੀ ਹੈ ਤਾਂ ਇੰਜ ਜਾਪਦਾ ਹੈ ਕਿ ਇਹ ਨਸ਼ਈ ਹਨ, ਨਾ ਹੀ ਇਹ ਪੜ੍ਹਣ ਦੇ ਚਾਹਵਾਨ ਹਨ, ਮਿਹਨਤ ਕਰਨ ਤੋਂ ਵੀ ਕਤਰਾਉਂਦੇ ਹਨ, ਫੈਸ਼ਨਪ੍ਰਸਤ, ਨਿਵੇਕਲੇ ਡਿਜ਼ਾਈਨਾਂ ਦੇ ਕੱਪੜੇ, ਬਾਹਰ ਘੁੰਮਣ-ਫਿਰਣ, ਗੇੜੀਆਂ ਮਾਰਨ ਵਾਲੇ, ਖਾਣ-ਪੀਣ ਨੂੰ ਲੈ ਕੇ ਘਰ ਦੇ ਖਾਣਿਆਂ ਤੋਂ ਦੂਰ, ਸੁੰਦਰਤਾ ਅਤੇ ਦਿੱਖ ਨੂੰ ਲੈ ਕੇ ਕੁੜੀਆਂ ਵਿਚ ‘ਸਲਿਮ ਇਜ ਬਿਊਟੀਫੁਲ’ (ਭਾਵ ਪਤਲੇ ਹੋਣਾ ਹੀ ਖ਼ੂਬਸੂਰਤੀ ਹੈ) ਅਤੇ ਮੁੰਡਿਆਂ ਵਿਚ ‘ਸਿਕਸ-ਪੈਕ ਐਬਜ਼’ ਨੂੰ ਲੈ ਕੇ ਵਧ ਰਹੀ ਸੁਚੇਤਤਾ ਤੇ ਦੂਸਰੇ ਪਾਸੇ ਇਸ ਉਮਰ ਨੂੰ ਸਿਰਫ਼ ਤੇ ਸਿਰਫ਼ ਜ਼ੋਸ਼ੀਲਾ ਕਹਿ ਕੇ ਸਮਝਣਾ ਅਤੇ ਵਰਤਣਾ ਵੀ ਅਹਿਮ ਪਹਿਲੂ ਹਨ।
ਜਦੋਂ ਅਜੋਕੇ ਨੌਜਵਾਨ ਦੀ ਇਹ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਲੱਗਦਾ ਹੈ ਜਿਵੇਂ ਨੌਜਵਾਨੀ ਦਾ ਇਹੀ ਕੁਦਰਤੀ ਸਰੂਪ ਹੈ ਕਿਉਂਕਿ ਦਿਸਦਾ ਮੁੱਖ ਤੌਰ ’ਤੇ ਇਹੀ ਹੈ। ਵਡੇਰੀ ਉਮਰ ਦੇ ਕੁਝ ਲੋਕ ਆਪਣੇ ਸਮੇਂ ਨਾਲ ਤੁਲਨਾ ਕਰਦੇ ਹਨ ਕਿ ਸਾਡੇ ਸਮੇਂ ਵਿਚ ਅਜਿਹਾ ਨਹੀਂ ਸੀ। ਫਿਰ ਪਤਾ ਨਹੀਂ ਕੀ ਹੋ ਗਿਆ ਹੈ, ਕੀ ਵਾਪਰ ਗਿਆ ਹੈ, ’ਤੇ ਗੱਲ ਮੁੱਕ ਜਾਂਦੀ ਹੈ। ਇਸ ਸਥਿਤੀ ’ਚ ਬਦਲਾਅ ਲਿਆਉਣ ਪ੍ਰਤੀ ਸੰਜੀਦਗੀ ਨਹੀਂ ਆਉਂਦੀ। ਕੀ ਕਰਨਾ ਹੈ, ਕੀ ਕਰਨਾ ਚਾਹੀਦਾ ਹੈ, ਕੀ ਲੋੜ ਹੈ ਕਿ ਨੌਜਵਾਨ ਆਪਣੇ ਕੁਦਰਤੀ ਵਿਕਾਸ ਰੌਂਅ ਵਿਚ ਅੱਗੇ ਵਧਣ। ਸਰੀਰ- ਮਨੋਵਿਗਿਆਨ ਦੇ ਮਾਹਿਰਾਂ ਮੁਤਾਬਿਕ ਇਹ ਉਮਰ ਚਾਹੁੰਦੀ ਹੈ ਕਿ ਉਨ੍ਹਾਂ ਦੀ ਪਰਵਾਹ ਕੀਤੀ ਜਾਵੇ, ਉਨ੍ਹਾਂ ਦੀ ਪੁੱਛ ਹੋਵੇ ਤੇ ਉਨ੍ਹਾਂ ਦੇ ਕੰਮਾਂ ਨੂੰ ਪ੍ਰਵਾਨਗੀ ਮਿਲੇ। ਠੀਕ ਹੈ ਕਿ ਸਰੀਰਕ ਵਿਕਾਸ ਤਹਿਤ ਉਨ੍ਹਾਂ ਦੀਆਂ ਖਾਣ-ਪੀਣ ਅਤੇ ਪਹਿਨਣ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ, ਪੜ੍ਹਾਈ ਦੇ ਮੱਦੇਨਜ਼ਰ ਪੂਰੀ ਵਾਹ ਲਾ ਕੇ ਫੀਸਾਂ ਭਰੀਆਂ ਜਾ ਰਹੀਆਂ ਹਨ, ਮੋਬਾਈਲ ਮੋਟਰ ਸਾਈਕਲ ਲੈ ਕੇ ਦਿੱਤੇ ਜਾ ਰਹੇ ਹਨ, ਪਰ ਮਨ ਦੀਆਂ ਖ਼ੁਆਹਿਸ਼ਾਂ ਨੂੰ ਜਾਣਨ ਲਈ ਮਿਲ ਬੈਠ ਕੇ ਪਿਆਰ ਭਰੇ ਦੇ ਬੋਲਾਂ ਦੀ ਸਾਂਝ ਨਹੀਂ ਪਾਈ ਜਾ ਰਹੀ।
        ਜ਼ਿੰਦਗੀ ਦੇ ਵਿਕਾਸ ਪੜਾਅ ਵੱਲ ਦੇਖੀਏ ਤਾਂ ਇਸ ਉਮਰ ਵਿਚ ਦੋ ਪ੍ਰਮੁੱਖ ਗੁਣ ਹਨ। ਪਹਿਲਾ ਹੈ ਨਵੀਂ ਸੋਚ ਤੇ ਉਸ ਤਹਿਤ ਤਜਰਬੇ ਕਰਨਾ। ਦੂਜਾ ਹੈ ਜ਼ਿੰਮੇਵਾਰੀ ਲੈਣ ਦੀ ਚਾਹਤ, ਅੱਗੇ ਵਧ ਕੇ ਕੁਝ ਕਰ ਦਿਖਾਉਣ ਦੀ ਖ਼ੁਆਹਿਸ਼। ਇਨ੍ਹਾਂ ਗੁਣਾਂ ਦੇ ਮੱਦੇਨਜ਼ਰ ਹੀ ਕੰਮ ਦੀ ਪ੍ਰਵਾਨਗੀ, ਪੁੱਛ ਅਤੇ ਕੀਤੇ ਕੰਮ ਨੂੰ ਲੈ ਕੇ ਪਛਾਣ ਦੀ ਲੋੜ ਮਹਿਸੂਸ ਹੁੰਦੀ ਹੈ।
        ਇਸ ਅਵਸਥਾ ਦੇ ਖਾਸੇ ਨੂੰ ਇਸ ਉਮਰ ਦੇ ਪਿਛਲੇ ਪੜਾਅ, ਕਿਸ਼ੋਰ ਅਵਸਥਾ ਨਾਲ ਜੋੜ ਕੇ ਦੇਖਣ ਦੀ ਵੀ ਲੋੜ ਹੈ। ਮਨੁੱਖੀ ਜੀਵਨ ਦਾ ਇਹ ਪੜਾਅ ਨਵਾਂ ਜਾਪਦਾ ਹੈ ਕਿਉਂਕਿ ਅਸੀਂ ਰਵਾਇਤੀ ਤਿੰਨ ਅਵਸਥਾਵਾਂ ਬਚਪਨ, ਜਵਾਨੀ ਅਤੇ ਬੁਢਾਪੇ ਤੋਂ ਜਾਣੂ ਹਾਂ, ਪਰ ਅਜੋਕੇ ਸਮੇਂ ਵਿਚ ਜਵਾਨੀ ਦਾ ਪੜਾਅ, ਕਿਸੇ ਵੀ ਤਰ੍ਹਾਂ ਕੰਮ ਵਿਚ ਸੈੱਟ ਹੋਣ ਦਾ ਸਮਾਂ ਅੱਗੇ ਚਲਾ ਗਿਆ ਹੈ ਤਾਂ ਬਚਪਨ ਅਤੇ ਜਵਾਨੀ ਦੇ ਵਿਚਕਾਰਲਾ ਸਮਾਂ ਕਿਸ਼ੋਰ ਅਵਸਥਾ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ ਹੈ। ਇਹ ਪੂਰੇ ਜੀਵਨ ਵਿਚੋਂ ਸਭ ਤੋਂ ਅਹਿਮ ਸਮਾਂ ਹੈ, ਇਕ ਤਰ੍ਹਾਂ ਬਚਪਨ ਤੋਂ ਬਾਅਦ ਬਾਕੀ ਦੀ ਜ਼ਿੰਦਗੀ ਲਈ ਬੁਨਿਆਦੀ ਸਮਾਂ ਹੈ। ਇਹ ਉਹ ਸਮਾਂ ਹੈ ਜਦੋਂ ਵਿਅਕਤੀ ਹਰ ਪਹਿਲੂ ਤੋਂ ਵਿਕਾਸ ਕਰਦਾ ਹੈ। ਸਰੀਰਕ ਵਿਕਾਸ ਨੂੰ ਲੈ ਕੇ ਕੱਦ-ਕਾਠ ਆਦਿ ਬਾਰੇ ਸਾਰੇ ਜਾਣਦੇ ਹਨ, ਪਰ ਪ੍ਰਜਣਨ ਅੰਗਾਂ ਤੇ ਉਨ੍ਹਾਂ ਦੀ ਕਾਰਜ ਪ੍ਰਣਾਲੀ, ਆਪਸੀ ਰਿਸ਼ਤਿਆਂ ਅਤੇ ਆਪਣੇ ਆਪ ਪ੍ਰਤੀ ਸੁਚੇਤ ਹੋਣ ਦਾ ਵਿਕਾਸ ਹੋਰ ਅਹਿਮ ਪਹਿਲੂ ਹਨ। ਸਭ ਤੋਂ ਪ੍ਰਮੁੱਖ ਹੈ ਬੌਧਿਕ ਵਿਕਾਸ, ਜਦੋਂ ਪਹਿਲਾਂ ‘ਹਾਂ ਜੀ’ ‘ਹਾਂ ਜੀ’ ਕਰਦਾ ਰਿਹਾ ਬੱਚਾ ਸਵਾਲ ਖੜ੍ਹੇ ਕਰਨ ਲੱਗਦਾ ਹੈ। ਬੌਧਿਕ ਭਾਵੇਂ ਉਹ ਪਹਿਲਾਂ ਵੀ ਹੁੰਦਾ ਹੈ, ਹੁਣ ਵਿਸ਼ਲੇਸ਼ਣੀ ਹੋ ਜਾਂਦਾ ਹੈ।
       ਵਿਸ਼ਲੇਸ਼ਣੀ ਹੋਣ ਦਾ ਗੁਣ ਉਸ ਨੂੰ ਨਵੀਂ ਸੋਚ ਨਾਲ ਜੋੜਦਾ ਹੈ ਤੇ ਨਵੀਂ ਸੋਚ ਤਹਿਤ ਤਜਰਬਾ ਹੋਣਾ ਲਾਜ਼ਮੀ ਹੈ ਤੇ ਖ਼ਾਸਕਰ ਇਸ ਦਾ ਵਾਜਬ ਮਾਹੌਲ ਹੋਣ ਦੀ ਸੂਰਤ ਵਿਚ। ਉਂਜ ਕੁਦਰਤੀ ਵਿਕਾਸ ਤਹਿਤ ਨਵੀਂ ਸੋਚ, ਜਿਗਿਆਸਾ ਤਹਿਤ ਮਨੁੱਖ ਨੇ ਤਜਰਬਾ ਕਰਨਾ ਹੀ ਹੁੰਦਾ ਹੈ। ਸਮਾਜਿਕ ਮਾਹੌਲ ਇਜਾਜ਼ਤ ਦੇਵੇ ਅਤੇ ਪਰਿਵਾਰ ਤੇ ਵਿਦਿਅਕ ਅਦਾਰੇ ਖ਼ੁਦ ਅੱਗੇ ਲੱਗਣ ਤਾਂ ਇਹ ਸਾਰਥਕ ਰਾਹ ਵੀ ਹੋ ਸਕਦਾ ਹੈ। ਨਹੀਂ ਤਾਂ ਵਿਹਲੇ ਹੱਥਾਂ ਅਤੇ ਖਾਲੀ ਪਏ ਦਿਮਾਗ਼ ਨੂੰ ਕੋਈ ਵੀ ਵਰਤ ਸਕਦਾ ਹੈ ਜੋ ਅਸੀਂ ਭੀੜਤੰਤਰ ਦੇ ਰੂਪ ਵਿਚ ਦੇਖ ਰਹੇ ਹਾਂ। ਨਸ਼ੇ ਵੀ ਉਸੇ ਅਵਸਥਾ ਦਾ ਹੀ ਇਕ ਰੂਪ ਹੈ ਤੇ ਜਿਣਸੀ ਸਬੰਧਾਂ ਨੂੰ ਲੈ ਕੇ ਤਜਰਬੇ ਕਰਨ ਦਾ ਮਾਹੌਲ ਵੀ ਬਣਾਇਆ ਜਾ ਰਿਹਾ ਹੈ।
       ਨੌਜਵਾਨੀ ਅਤੇ ਇਸ ਤੋਂ ਪਹਿਲਾਂ ਦੇ ਸਮੇਂ ਦੌਰਾਨ ਸਰੀਰ ਵਿਚ ਹੋ ਰਹੀਆਂ ਤਬਦੀਲੀਆਂ ਬਾਰੇ ਵਿਗਿਆਨਕ ਨਜ਼ਰੀਏ ਤੋਂ ਆਪਾਂ ਜਾਣਿਆ ਹੈ। ਇਸ ਬਦਲਾਅ ਨੂੰ ਸਾਧਾਰਨ ਸਮਝ ਅਤੇ ਪ੍ਰਗਟਾਵੇ ਤਹਿਤ ਜੋਸ਼ ਨਾਲ ਭਰਪੂਰ ਸਮਾਂ ਕਿਹਾ ਜਾਂਦਾ ਹੈ ਤੇ ਜੋਸ਼ ਤੇ ਹੋਸ਼ ਵਿਚੋਂ ਮੁੱਖ ਤੌਰ ’ਤੇ ਜੋਸ਼ ਨੂੰ ਉਭਾਰਿਆ ਜਾਂਦਾ ਹੈ। ਨੌਜਵਾਨਾਂ ਨੂੰ ਭੀੜਤੰਤਰ ਅਤੇ ਨਸ਼ਿਆਂ ਦੀ ਰਾਹ ’ਤੇ ਕੌਣ ਪਾ ਰਿਹਾ ਹੈ? ਨਿਸ਼ਚਿਤ ਹੀ ਇਸ ਉਮਰ ਦੇ ਹੋਸ਼ ਨੂੰ ਲਾਂਭੇ ਕਰ ਕੇ, ਜੋਸ਼ ਨੂੰ ਵਰਤਿਆ ਜਾ ਰਿਹਾ ਹੈ ਤੇ ਫਿਰ ਇਸ ਜੋਸ਼ ਦੇ ਨਤੀਜਿਆਂ ਰਾਹੀਂ ਨੌਜਵਾਨਾਂ ਨੂੰ ਹੀ ਭੰਡਿਆ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਨੌਜਵਾਨਾਂ ਨੁੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਤੇ ਕਿਸੇ ਤਰ੍ਹਾਂ ਦੇ ਸੰਵਾਦ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਵੱਡੇ ਪੱਧਰ ’ਤੇ ਸਮਾਜ ਅਤੇ ਦੇਸ਼ ਦੀ ਰਾਜਨੀਤੀ ਤੋਂ ਪਹਿਲਾਂ ਪਰਿਵਾਰ ਵਿਚ ਮਾਪਿਆਂ ਅਤੇ ਬੱਚਿਆਂ ਵਿਚ ਸਾਰਥਕ ਤੇ ਸਿਹਤਮੰਦ ਸੰਵਾਦ ਦੀ ਘਾਟ ਹੈ।
        ਜੇਕਰ ਸਾਨੂੰ ਭੀੜ ਅਤੇ ਹੁੱਲੜਬਾਜ਼ੀ ਦਿਸਦੀ ਹੈ ਤਾਂ ਚੰਗੇ ਪਾਸੇ ਮਾਅਰਕੇ ਮਾਰਨ, ਚੰਗੀਆਂ ਪੁਜੀਸ਼ਨਾਂ ਲੈਣ, ਡਾਕਟਰੀ ਅਤੇ ਆਈਆਈਟੀ ਵਿਚ ਦਾਖਲੇ ਲੈਂਦੇ ਤੇ ਨਵੇਂ-ਨਵੇਂ ਖੋਜ ਕਾਰਜ ਕਰਦੇ, ਮੁਹਾਰਤਾਂ ਵਾਲੇ ਨੌਜਵਾਨਾਂ ਦੀਆਂ ਖ਼ਬਰਾਂ ਵੀ ਮਿਲਦੀਆਂ ਹਨ। ਜੇਕਰ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਪਤਾ ਲੱਗੇਗਾ ਕਿ ਬਹੁਤੇ ਨੌਜਵਾਨ ਆਪਣੇ ਪਰਿਵਾਰ ਅਤੇ ਆਪਣੇ ਬਲਬੂਤੇ ਕੀਤੇ ਕੰਮ ਸਦਕਾ ਹੀ ਮੋਹਰੀ ਰਹਿੰਦੇ ਹਨ। ਇਨ੍ਹਾਂ ਵਿਚ ਦੇਸ਼ ਦੇ ਮਾਹੌਲ ਅਤੇ ਇਸ ਦੀ ਭੂਮਿਕਾ ਨਾਂ-ਮਾਤਰ ਹੈ।
        ਦੇਸ਼ ਦੀ ਭੂਮਿਕਾ ਵਿਚ ਹਰ ਵਰਗ ਦੀ ਤਰਜੀਹ ਤਹਿਤ ਦੇਸ਼ ਵਿਚ ਨੌਜਵਾਨਾਂ ਨੂੰ ਲੈ ਕੇ ਕਿਸੇ ਨੀਤੀ ਦੀ ਲੋੜ ਹੁੰਦੀ ਹੈ। ਉਂਜ ਤਾਂ ਵੱਡੇ ਪੱਧਰ ’ਤੇ ਦੇਸ਼ ਦਾ ਸੰਵਿਧਾਨ ਰਾਹ ਦਸੇਰਾ ਹੈ ਜਿਸ ਵਿਚ ਲੋਕਤੰਤਰ ਦੀ ਰੂਹ ਬਿਰਾਜਮਾਨ ਹੈ। ਪਰ ਹੋਰ ਬਾਰੀਕੀਆਂ ਦੇ ਮੱਦੇਨਜ਼ਰ ਨੀਤੀਆਂ ਬਣਦੀਆਂ ਹਨ ਜਿਸ ਤਹਿਤ ਉਸ ਵਰਗ ਵਿਸ਼ੇਸ਼ ਅਤੇ ਉਸ ਦੀਆਂ ਸੂਖ਼ਮ ਲੋੜਾਂ ਨੂੰ ਸਮਝ ਕੇ ਉਨ੍ਹਾਂ ਤਕ ਪਹੁੰਚ ਹੁੰਦੀ ਹੈ। ਦੂਸਰੇ ਪੱਖ ਤੋਂ ਸਮੇਂ ਦੀ ਤਬਦੀਲੀ ਅਹਿਮ ਹੈ ਜਿਸ ਤਹਿਤ ਨੀਤੀਆਂ ਸਮੇਂ-ਸਮੇਂ ’ਤੇ ਮੁੜ ਵਿਚਾਰ ਦੀ ਮੰਗ ਕਰਦੀਆਂ ਹਨ।
       ਅੱਜ ਅਸੀਂ ਦੁਨੀਆਂ ਦਾ ਸਭ ਤੋਂ ਵੱਧ ਨੌਜਵਾਨ ਸ਼ਕਤੀ ਵਾਲਾ ਮੁਲਕ ਹਾਂ। ਚੀਨ ਦੀ ਆਬਾਦੀ ਭਾਵੇਂ ਵੱਧ ਹੈ, ਪਰ ਜਨਮ ਦਰ ਦੇ ਮੱਦੇਨਜ਼ਰ ਸਾਡੇ ਮੁਲਕ ਵਿੱਚ ਤਕਰੀਬਨ ਪੰਜਾਹ ਕਰੋੜ ਨੌਜਵਾਨ ਹਨ, ਉਹ ਉਮਰ ਜਿਸ ਨੂੰ ਉਸਾਰੂ ਉਮਰ ਕਹਿੰਦੇ ਹਾਂ ਭਾਵ 15-35 ਸਾਲ ਤਕ। ਇੰਨੀ ਵੱਡੀ ਗਿਣਤੀ ’ਚ ਨੌਜਵਾਨ ਸ਼ਕਤੀ ਇਕ ਸਰਮਾਇਆ ਹੈ। ਇਸ ਸ਼ਕਤੀ ਨੂੰ ਖੁੱਲ੍ਹਾ ਛੱਡ ਕੇ, ਉਨ੍ਹਾਂ ਦੇ ਜੋਸ਼ ਨੂੰ ਸਹੀ ਦਿਸ਼ਾ ਵੱਲ ਨਾ ਲਗਾ ਕੇ ਕੁਰਾਹੇ ਪਾਉਣਾ ਵੀ ਆਸਾਨ ਹੈ। ਇਹ ਉਹੀ ਤਾਕਤ ਹੈ ਜੋ ਭੀੜ ਬਣਦੀ ਹੈ, ਚਾਹੇ ਉਹ ਸਿਆਸਤਦਾਨਾਂ ਦੀਆਂ ਰੈਲੀਆਂ ਹੋਣ ਤੇ ਚਾਹੇ ਉਨ੍ਹਾਂ ਨੂੰ ਕੋਈ ਖ਼ਾਸ ਨਿਸ਼ਾਨਾ ਦੇ ਕੇ, ਭੀੜ ਬਣਾ ਕੇ, ਕਿਸੇ ਨੂੰ ਵੀ ਮਰਵਾਇਆ ਜਾਂ ਲੁੱਟਿਆ ਜਾ ਸਕਦਾ ਹੈ। ਇਹੀ ਸ਼ਕਤੀ ਵਿਦੇਸ਼ੀ ਧਰਤੀ ’ਤੇ ਜਾ ਕੇ ਵਿਦੇਸ਼ਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੀ ਹੈ। ਉਹੀ ਹੱਥ, ਉਹ ਸ਼ੌਕ, ਉਹੀ ਜੋਸ਼।
       ਨੀਤੀਆਂ ਬਣਾਉਣ ਵੇਲੇ ਸਭ ਤੋਂ ਜ਼ਰੂਰੀ ਹੈ ਕਿ ਇਸ ਉਮਰ ਅਤੇ ਵਰਗ ਦੇ ਕੁਦਰਤੀ ਵਿਕਾਸ ਬਾਰੇ ਜਾਣਕਾਰੀ ਹੋਵੇ। ਉਨ੍ਹਾਂ ਕੋਲ ਨਵੀਂ ਸੋਚ ਅਤੇ ਤਜਰਬੇ ਕਰਨ ਦੀ ਚਾਹ ਹੈ। ਇਸ ਦੇ ਮੱਦੇਨਜ਼ਰ ਉਹ ਪੁੱਛ, ਪ੍ਰਵਾਨਗੀ ਅਤੇ ਪਛਾਣ ਚਾਹੁੰਦੇ ਹਨ। ਦੇਸ਼ ਨੇ ਪਹਿਲੀ ਵਾਰ 2014 ਵਿਚ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਯੁਵਾ ਦਿਵਸ ਐਲਾਨਿਆ ਤੇ ਨੌਜਵਾਨਾਂ ਲਈ ਨੀਤੀ ਬਣਾਈ। ਦੇਸ਼ ਵਿਚ ਚੱਲ ਰਹੇ ਵਿਦਿਆਰਥੀਆਂ ਲਈ ਵਜ਼ੀਫੇ, ਸਕਾਊਟ, ਐਨ.ਐੱਸ.ਐੱਸ., ਐਨ.ਸੀ.ਸੀ., ਪਿੰਡਾਂ ਦੇ ਨਹਿਰੂ ਯੁਵਾ ਕੇਂਦਰ, ਖੇਡ ਕਲੱਬ ਆਦਿ, ਸਭ ਇਕ ਥਾਂ ਲਿਆ ਇਕੱਠੇ ਕੀਤੇ ਗਏ। 2022 ਵਿਚ ਇਸ ਨੂੰ ਸੋਧਿਆ ਗਿਆ ਅਤੇ ਨੌਜਵਾਨਾਂ ਨੂੰ ਸਾਹਮਣੇ ਰੱਖ ਕੇ ਬਣਾਏ-ਚਲਾਏ ਗਏ ਪ੍ਰੋਗਰਾਮ ਜਿਵੇਂ ਸਕਿਲ ਇੰਡੀਆ, ਮੇਕਅੱਪ ਇੰਡੀਆ, ਸਟਾਰਟ ਅੱਪ ਇੰਡੀਆ, ਡਿਜੀਟਲ ਇੰਡੀਆ ਆਦਿ ਜੋੜ ਦਿੱਤੇ ਗਏ। ਇਨ੍ਹਾਂ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ਦਾ ਅਧਿਐਨ ਅਜੇ ਹੋਣਾ ਹੈ।
       ਯੁਵਾ ਕਲੱਬਾਂ ਦੇ ਅਹੁਦੇਦਾਰ ਅਤੇ ਹੋਰ ਸਵੈ-ਸੇਵੀ ਕਹਿੰਦੇ ਹਨ ਕਿ ਅਸੀਂ ਨੌਜਵਾਨਾਂ ਲਈ ਕੰਮ ਕਰਦੇ ਹਾਂ ਜਦੋਂਕਿ ਸਹੀ ਸਮਝ ਨੌਜਵਾਨਾਂ ਨੂੰ ਨਾਲ ਲੈ ਕੇ ਕੰਮ ਕਰਨਾ ਹੁੰਦੀ ਹੈ। ਉਨ੍ਹਾਂ ਨੂੰ ਹਦਾਇਤਾਂ ਦੇ ਕੇ ਕੰਮ ਲੈਣਾ ਹੀ ਕਾਫ਼ੀ ਨਹੀਂ। ਉਨ੍ਹਾਂ ਨੂੰ ਨਾਲ ਬਿਠਾ ਕੇ ਵਿਉਂਤਬੰਦੀ ਤੋਂ ਲੈ ਕੇ ਹਰ ਪੜਾਅ ਦੀ ਜ਼ਿੰਮੇਵਾਰੀ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਪਾ ਕੇ ਉਨ੍ਹਾਂ ਨੂੰ ਆਗੂ ਦਾ ਦਰਜਾ ਦੇ ਕੇ ਕੰਮ ਲੈਣਾ ਹੁੰਦਾ ਹੈ। ਉਨ੍ਹਾਂ ਨੂੰ ਨਿਗਰਾਨੀ ਹੇਠ ਕੰਮ ਕਰਦੇ ਦੇਖਣਾ ਅਤੇ ਸਮੇਂ ਸਮੇਂ ਕੰਮ ਦੀ ਪੜਤਾਲ ਕਰਦਿਆਂ ਵੀ ਨਾਲ ਬਿਠਾਉਣਾ ਹੁੰਦਾ ਹੈ।
       ਇਸ ਸਾਰੇ ਦ੍ਰਿਸ਼ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਸਮਝਣ ਅਤੇ ਦੇਸ਼ ਦੀਆਂ ਨੀਤੀਆਂ ਵਿਚ ਤਰਜੀਹ ਦੇਣ ਦੀ ਲੋੜ ਹੈ। ਨੀਤੀ ਬਣ ਵੀ ਜਾਵੇ, ਪਰ ਮੁੱਖ ਲੋੜ ਹੈ ਇਸ ਨੂੰ ਲਾਗੂ ਕਰਨ ਲਈ ਨੀਅਤ ਦੀ, ਤਾਂ ਹੀ ਉਹ ਅਮਲੀ ਰੂਪ ਵਿਚ ਲਾਗੂ ਹੋ ਸਕਣਗੀਆਂ। ਨੀਤੀਆਂ ਦਿਸ਼ਾ ਨਿਰਦੇਸ਼ ਹੁੰਦੀਆਂ ਹਨ, ਅਹਿਮ ਹੁੰਦੀਆਂ ਹਨ, ਪਰ ਨੀਅਤ ਬਿਨਾਂ ਨੀਤੀ ਘੜਨ ਵੱਲ ਵੀ ਪੈਰ ਨਹੀਂ ਪੁੱਟੇ ਜਾਂਦੇ। ਇਸ ਲਈ ਨੀਤੀ ਅਤੇ ਨੀਅਤ ਦੋਵਾਂ ਦੀ ਹੀ ਬਰਾਬਰ ਦੀ ਲੋੜ ਹੈ। ਕੀ ਪਹਿਲਾਂ ਤੇ ਕੀ ਬਾਅਦ ਵਿਚ, ਇਸ ਸੋਚਣ ਦੀ ਥਾਂ ਕਿਸੇ ਵੀ ਦੇਸ਼ ਕੌਮ ਦੀ ਸਭ ਤੋਂ ਉਸਾਰੂ ਉਮਰ ਨੂੰ ਤਰਜੀਹ ਦਿੱਤੇ ਬਗੈਰ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ’ਤੇ ਲੰਮੇ ਸਮੇਂ ਤਕ ਨਹੀਂ ਰੱਖਿਆ ਜਾ ਸਕਦਾ।
ਸੰਪਰਕ : 98158-08506