ਵਿਕਾਸ, ਵਿਨਾਸ਼ ਤੇ ਜ਼ਿੰਦਗੀ - ਸਵਰਾਜਬੀਰ

ਅਸੀਂ ਉਨ੍ਹਾਂ ਨੂੰ ਕਈ ਨਾਂ ਦਿੱਤੇ ਹਨ : ਆਦਿਵਾਸੀ, ਮੂਲ-ਨਿਵਾਸੀ, ਵਣ-ਵਾਸੀ, ਕਬਾਇਲੀ, ਅਨੁਸੂਚਿਤ ਜਨ-ਜਾਤੀਆਂ। ਕਿਉਂ? ਕਿਉਂਕਿ ਅਸੀਂ ਸਮਝਦੇ ਹਾਂ ਕਿ ਅਸੀਂ ਜ਼ਿਆਦਾ ਵਿਕਸਿਤ ਤੇ ਤਰੱਕੀ ਕਰ ਚੁੱਕੇ ਲੋਕ ਹਾਂ ਅਤੇ ਉਹ ਪਿਛੜੇ ਹੋਏ ਹਨ। ਸਾਡੇ ਕੋਲ ਵਿਕਸਿਤ ਭਾਸ਼ਾ ਤੇ ਸਾਹਿਤ ਹੈ ਤੇ ਉਨ੍ਹਾਂ ਕੋਲ ਨਾ ਤੇ ਸੱਭਿਅਤਾ ਹੈ, ਨਾ ਭਾਸ਼ਾ, ਗਿਆਨ, ਵਿਗਿਆਨ ਕੁਝ ਵੀ ਨਹੀਂ ਹੈ। ਸਾਡੇ ਕੋਲ ਕਾਨੂੰਨ ਤੇ ਨਕਸ਼ੇ ਹਨ, ਧਰਤੀ ਨੂੰ ਮਾਪਣ, ਸੰਭਾਲਣ ਤੇ ਇਸ ਦੀ ਮਾਲਕੀ ਨਿਯਤ ਕਰਨ ਵਾਲੇ ਨਿਯਮ ਅਤੇ ਯੋਗਤਾ ਹੈ। ਤੇ ਉਹ ਧਰਤੀਆਂ ਦੇ ਨਾਂ ਆਪਣੇ ਵੱਡ-ਵਡੇਰਿਆਂ ਜਾਂ ਰੂਹਾਂ ਦੇ ਨਾਂ 'ਤੇ ਰੱਖਦੇ ਹਨ ਪਰ ਇਹਦੀ ਕੋਈ ਲਿਖਤ ਨਹੀਂ ਕਰਦੇ, ਮਾਪਦੇ ਨਹੀਂ, ਪਟੇ ਨਹੀਂ ਲਿਖਦੇ/ਲਿਖਵਾਉਂਦੇ, ਰਜਿਸਟਰੀਆਂ ਨਹੀਂ ਕਰਦੇ। ਉਨ੍ਹਾਂ ਕੋਲ ਨ੍ਰਿਤ ਹਨ, ਗੀਤ ਹਨ, ਲੋਕ-ਕਾਵਿ ਹੈ ਪਰ ਨਾ ਉਨ੍ਹਾਂ ਕੋਲ ਕਾਲੀਦਾਸ ਹੈ, ਨਾ ਗ਼ਾਲਿਬ, ਨਾ ਸ਼ੇਕਸਪੀਅਰ, ਨਾ ਟੈਗੋਰ, ਨਾ ਵਾਰਿਸ ਸ਼ਾਹ। ਅਸੀਂ ਸੋਚਦੇ ਹਾਂ ਇਨ੍ਹਾਂ ਦੀ ਹੈਸੀਅਤ ਹੀ ਕੀ ਹੈ?
       ਇਹ ਲੋਕ ਕੌਣ ਹਨ? ਕੀ ਪੁਰਾਣਾ ਸਾਹਿਤ ਇਨ੍ਹਾਂ ਬਾਰੇ ਕੁਝ ਦੱਸਦਾ ਹੈ? ਵੇਦਾਂ, ਰਾਮਾਇਣ, ਮਹਾਭਾਰਤ, ਪੁਰਾਣਾਂ ਤੇ ਹੋਰ ਸਨਾਤਨੀ ਗ੍ਰੰਥਾਂ ਵਿਚ ਇਨ੍ਹਾਂ ਦਾ ਜ਼ਿਕਰ ਮਿਲਦਾ ਹੈ। ਉਨ੍ਹਾਂ ਨੂੰ ਨਿਸ਼ਾਦ, ਕਿਰਾਤ, ਭੀਲ, ਨਾਗ, ਦਾਸ, ਦਸਯੂ, ਰਾਖਸ਼, ਪਿਸ਼ਾਚ, ਦੰਡਕ, ਅਸੁਰ, ਦਾਨਵ ਆਦਿ ਨਾਮ ਦਿੱਤੇ ਗਏ। ਉਦਾਹਰਨ ਦੇ ਤੌਰ 'ਤੇ ਮਹਾਭਾਰਤ ਦੇ ਆਦਿਪਰਵ ਦੇ ਇਕ ਉਪ-ਪਰਵ (ਕਾਂਡ) ਦਾ ਨਾਂ ਖਾਂਡਵਦਾਹਪਰਵ ਹੈ ਭਾਵ ਖਾਂਡਵ ਵਣ ਨੂੰ ਅੱਗ ਲਾਉਣ ਦੀ ਕਥਾ। ਇਹ ਵਣ ਅੱਜਕੱਲ੍ਹ ਦੀ ਦਿੱਲੀ ਦੇ ਆਸ-ਪਾਸ ਦਾ ਇਲਾਕਾ ਸੀ। ਬਾਅਦ ਵਿਚ ਪਾਂਡਵਾਂ ਨੇ ਇੱਥੇ ਇੰਦਰਪ੍ਰਸਥ ਉਸਾਰਿਆ। ਪੁਰਾਤਨ ਗ੍ਰੰਥਾਂ ਵਿਚਲੇ ਵੇਰਵਿਆਂ ਤੋਂ ਪਤਾ ਚੱਲਦਾ ਹੈ ਕਿ ਖਾਂਡਵ ਵਣ ਨੂੰ ਅੱਗ ਲਾ ਕੇ ਉਸ ਵਿਚ ਵਸਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅੱਗ ਤੋਂ ਬਚ ਕੇ ਨਿਕਲ ਜਾਣ ਵਾਲਿਆਂ ਨੂੰ ਤੀਰਾਂ ਦਾ ਨਿਸ਼ਾਨਾ ਬਣਾ ਕੇ ਚੁਣ ਚੁਣ ਕੇ ਮਾਰਿਆ ਗਿਆ। ਵੇਰਵਿਆਂ ਅਨੁਸਾਰ ਇਹ ਮੂਲ ਰੂਪ ਵਿਚ ਉਸ ਵਣ ਵਿਚ ਵਸ ਰਹੇ ਨਾਗ ਜਾਤੀ ਦੇ ਲੋਕਾਂ ਦਾ ਜਨਸੰਘਾਰ ਸੀ ૶ ਭਿਅੰਕਰ ਕਤਲੇਆਮ। ਇਸ ਦਾ ਜ਼ਿਕਰ ਕਰਦਿਆਂ ਮਸ਼ਹੂਰ ਮਰਾਠੀ ਲੇਖਕ ਇਰਾਵਤੀ ਕਾਰਵੇ ਆਪਣੀ ਕਿਤਾਬ 'ਯੁਗਾਂਤ' ਵਿਚ ਇਹ ਸਵਾਲ ਵਾਰ ਵਾਰ ਪੁੱਛਦੀ ਹੈ ਕਿ ਏਨਾ ਜ਼ੁਲਮ ਕਿਉਂ ਕੀਤਾ ਗਿਆ? ਪਰਾਤਨ ਗ੍ਰੰਥਾਂ ਵਿਚ ਇਸ ਕੰਮ ਦਾ ਬਹਾਦਰੀ ਦੇ ਕੰਮ ਵਜੋਂ ਗੁਣਗਾਨ ਕੀਤਾ ਗਿਆ ਹੈ ਕਿਉਂਕਿ ਇਹ ਕੰਮ ਕਰਨ ਵਾਲੇ ਉਹ ਲੋਕ ਸਨ, ਜੋ ਆਪਣੇ ਆਪ ਨੂੰ 'ਸੱਭਿਆ' ਕਹਾਉਂਦੇ ਸਨ। ਸ਼ਤਪਥ ਬ੍ਰਾਹਮਣ ਗ੍ਰੰਥ (1.4.1.14-17) ਅੱਗ ਲਾ ਕੇ ਧਰਤੀ ਨੂੰ ਸਾਫ਼ (ਵਣਾਂ ਤੋਂ ਵਿਰਵੀ) ਕਰਨ ਅਤੇ ਉਸ ਉੱਤੇ ਅਧਿਕਾਰ ਜਮਾਉਣ ਦੇ ਤਰੀਕੇ ਦੀ ਵਿਆਖਿਆ ਕਰਦਾ ਹੈ। ਇਤਿਹਾਸਕਾਰ ਡੀ.ਡੀ. ਕੋਸੰਭੀ ਆਪਣੀ ਕਿਤਾਬ 'ਐਨ ਇੰਟਰੋਡਕਸ਼ਨ ਟੂ ਸਟੱਡੀ ਆਫ ਇੰਡੀਅਨ ਹਿਸਟਰੀ' ਵਿਚ ਇਸ ਦੀ ਤਾਈਦ ਕਰਦਾ ਹੈ।
       ਸਤਾਰਾਂ ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਪਿੰਡ ਉੱਭਾ ਵਿਚ ਵੀ ਇਸੇ ਤਰ੍ਹਾਂ ਦਾ ਹੀ ਜ਼ੁਲਮ ਢਾਇਆ ਗਿਆ। ਇਸ ਪਿੰਡ ਦੀ ਜ਼ਮੀਨ 'ਤੇ ਗੋਂਡ ਕਬੀਲੇ ਦੇ ਲੋਕ ਕਈ ਦਹਾਕਿਆਂ ਤੋਂ ਖੇਤੀ ਕਰ ਰਹੇ ਸਨ। ਇਹ ਤਾਂ ਰਿਕਾਰਡ ਦਾ ਮਸਲਾ ਹੈ, ਉਹ ਕਈ ਪੀੜ੍ਹੀਆਂ ਤੋਂ ਉੱਥੇ ਖੇਤੀ ਕਰਦੇ ਆਏ ਹਨ। ਇਹ ਜ਼ਮੀਨ ਬੜਹਰ ਰਿਆਸਤ ਦੇ ਰਾਜਾ ਦੀ ਮਲਕੀਅਤ ਦੱਸੀ ਜਾਂਦੀ ਹੈ। ਰਜਵਾੜਾਸ਼ਾਹੀ ਖ਼ਤਮ ਹੁੰਦੀ ਹੈ ਤਾਂ 1952 ਵਿਚ ਦੋ ਆਈਏਐੱਸ ਅਧਿਕਾਰੀ ਗੋਂਡ ਹਲ਼ਵਾਹਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਮਹਿਰੂਮ ਕਰਨ ਲਈ ਸਾਜ਼ਿਸ਼ ਰਚਦੇ ਹਨ। 'ਆਦਰਸ਼ ਸਹਿਕਾਰੀ ਸਮਿਤੀ' ਬਣਾ ਕੇ ਲਗਭਗ 600 ਬਿੱਘੇ ਜ਼ਮੀਨ 'ਤੇ ਕਬਜ਼ਾ ਕੀਤਾ ਜਾਂਦਾ ਹੈ। ਹਲ਼ਵਾਹਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਵੀ ਸਹਿਕਾਰੀ ਸਮਿਤੀ ਦੇ ਮੈਂਬਰ ਹਨ ਤੇ ਉਹ ਇਸ ਜ਼ਮੀਨ 'ਤੇ ਖੇਤੀ ਕਰਦੇ ਰਹਿਣ। ਬਾਅਦ ਦੇ ਇੰਤਕਾਲ ਤੇ ਰਜਿਸਟਰੀਆਂ ਵੀ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਦੇ ਨਾਂ ਹੁੰਦੀਆਂ ਹਨ। ਲਗਭਗ ਦੋ ਵਰ੍ਹੇ ਪਹਿਲਾਂ ਇਸ ਜ਼ਮੀਨ ਵਿਚੋਂ 100 ਬਿੱਘੇ ਇਸ ਪਿੰਡ ਦੇ ਮੁਖੀ ਯਗਿਆ ਦੱਤ ਭਰਤਰੀ ਨੂੰ ਵੇਚ ਦਿੱਤੇ ਜਾਂਦੇ ਹਨ। ਯਗਿਆ ਦੱਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਜ਼ਮੀਨ ਝਗੜੇ ਵਾਲੀ ਹੈ, ਪਰ ਉਸ ਨੂੰ ਯਕੀਨ ਹੈ ਕਿ ਉਹ ਆਪਣੀ ਤਾਕਤ ਨਾਲ ਇਹ ਜ਼ਮੀਨ ਛੁਡਵਾ ਸਕਦਾ ਹੈ। ਉਹਦੀ ਤਾਕਤ, ਉਹਦੇ ਰੁਤਬੇ ਦਾ ਜਾਤ-ਪਾਤ ਵਾਲੇ ਸਮਾਜ ਵਿਚ ਇਨ੍ਹਾਂ ਗ਼ਰੀਬ ਲੋਕਾਂ ਤੋਂ ਉੱਤੇ ਹੋਣ ਤੇ ਸੱਤਾ ਨਾਲ ਸਾਂਝ-ਭਿਆਲੀ ਵਿਚੋਂ ਆਉਂਦੀ ਹੈ। ਉਹ ਆਪਣੇ ਭਰਾਵਾਂ ਤੇ ਹਮਾਇਤੀਆਂ ਨਾਲ ਪਿੰਡ 'ਤੇ ਹਮਲਾ ਬੋਲਦਾ ਹੈ। ਗੋਂਡ ਹਲ਼ਵਾਹਕ ਵਿਰੋਧ ਕਰਦੇ ਹਨ। ਇਹ ਉਸ ਦੇਸ਼ ਵਿਚ ਹੁੰਦਾ ਹੈ ਜਿਸ ਵਿਚ ਉਨ੍ਹਾਂ ਨੂੰ ਬਰਾਬਰ ਦਾ ਨਾਗਰਿਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਮਾਰਿਆ-ਕੁੱਟਿਆ ਜਾਂਦਾ ਹੈ। ਗੋਲੀ ਚਲਾਈ ਜਾਂਦੀ ਹੈ। ਨੌਂ ਗੋਂਡ ਹਲ਼ਵਾਹਕ ਮੌਕੇ 'ਤੇ ਹੀ ਮਾਰੇ ਜਾਂਦੇ ਹਨ, ਇਕ ਦੀ ਮੌਤ ਹਸਪਤਾਲ ਵਿਚ ਹੁੰਦੀ ਹੈ। ਸਭ ਕੁਝ ਉਵੇਂ ਹੀ ਹੁੰਦਾ ਹੈ ਜਿਵੇਂ ਖਾਂਡਵ ਵਣ ਨੂੰ ਅੱਗ ਲਗਾਉਣ ਸਮੇਂ ਹੋਇਆ ਸੀ।
      ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਲਈ ਹੁੰਦੀਆਂ ਹਨ ਕਿ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਬਹੁਤੇ ਸਮਾਜਾਂ ਵਿਚ ਸਮਾਜਿਕ ਬਰਾਬਰੀ ਦਾ ਸੰਕਲਪ ਗ਼ੈਰਹਾਜ਼ਰ ਹੈ। ਰਿਗਵੇਦ ਵਿਚਲੇ ਪੁਰਸ਼ ਸੂਕਤ ਅਨੁਸਾਰ ਬ੍ਰਾਹਮਣ ਦਾ ਜਨਮ ਆਦਿ-ਪੁਰਸ਼ ਦੇ ਮੂੰਹ ਤੋਂ ਹੋਇਆ, ਕਸ਼ੱਤਰੀਆਂ ਦਾ ਬਾਹਵਾਂ 'ਚੋਂ, ਵੈਸ਼ਾਂ ਦਾ ਪੱਟਾਂ 'ਚੋਂ ਤੇ ਸ਼ੂਦਰਾਂ ਦਾ ਪੈਰਾਂ 'ਚੋਂ। ਏਸੇ ਤਰ੍ਹਾਂ ਮਨੂੰਸਿਮ੍ਰਤੀ ਤੇ ਹੋਰ ਧਰਮ-ਸ਼ਾਸਤਰਾਂ ਵਿਚ ਵਰਣ ਆਸ਼ਰਮ ਨੂੰ ਦ੍ਰਿੜ੍ਹ ਕੀਤਾ ਗਿਆ ਤੇ ਸਮਾਜ ਵਿਚ ਅਸਮਾਨਤਾ ਨੂੰ ਪਕਿਆਇਆ ਗਿਆ। ਧਰਮ ਸਮਾਜ ਵਿਚ ਅਸਮਾਨਤਾ ਪੈਦਾ ਵੀ ਕਰਦਾ ਹੈ ਅਤੇ ਇਸ ਨੂੰ ਲੋਕ-ਮਨ ਵਿਚ ਸਵੀਕਾਰ ਕੀਤੇ ਜਾਣ ਦੀ ਜ਼ਮੀਨ ਵੀ ਤਿਆਰ ਕਰਦਾ ਹੈ।
    ਕਈ ਕਬੀਲੇ ਹਿੰਦੂ-ਬ੍ਰਾਹਮਣ ਸਮਾਜ ਵਿਚ ਸਮੋਏ ਗਏ ਅਤੇ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਸਨਾਤਨੀ ਧਰਮ ਵਿਚ ਦਰਜਾ-ਬ-ਦਰਜਾ ਸਥਾਨ ਵੀ ਦਿੱਤੇ ਗਏ। ਪਰ ਕਈ ਕਬੀਲੇ ਉਸ ਦਾਇਰੇ ਤੋਂ ਬਾਹਰ ਰਹੇ ਜਿਸ ਨੂੰ ਅਸੀਂ 'ਸੱਭਿਅਤਾ' ਜਾਂ 'ਸੱਭਿਆ ਲੋਕਾਂ' ਦਾ ਦਾਇਰਾ ਕਹਿੰਦੇ ਹਨ। ਬਹੁਤ ਦੇਰ ਪਹਿਲਾਂ ਐੱਚ.ਐੱਚ.ਰਿਸਲੇ ਨੇ ਲਿਖਿਆ ਸੀ, ''ਬਿਹਾਰ ਅਤੇ ਯੂਨਾਈਟਿਡ ਪ੍ਰੋਵਿੰਸਜ਼ (ਉੱਤਰ ਪ੍ਰਦੇਸ਼ ਦਾ ਪਹਿਲਾ ਨਾਂ) ਦੇ ਕਈ ਕਬੀਲੇ ਹਨ ਜਿਨ੍ਹਾਂ ਵਿਚ ਜਾਤ-ਪਾਤ ਨਹੀਂ, ਕੋਲ, ਕੋਰਵਸ, ਮੁੰਡਾ ਆਦਿ। ਉਨ੍ਹਾਂ ਅਜੇ ਬ੍ਰਾਹਮਣਵਾਦੀ ਸਮਾਜ ਵਿਚ ਪ੍ਰਵੇਸ਼ ਨਹੀਂ ਕੀਤਾ, ਉਨ੍ਹਾਂ ਨੂੰ ਸਭ ਤੋਂ ਹੇਠਲੇ ਦਰਜੇ ਦਾ ਸਮਝਿਆ ਜਾਂਦਾ ਹੈ।'' ਸੰਵਿਧਾਨ ਇਨ੍ਹਾਂ ਲੋਕਾਂ ਨੂੰ ਅਨੁਸੂਚਿਤ ਜਨਜਾਤੀਆਂ (ਸ਼ਡਿਊਲਡ ਟਰਾਈਬਜ਼) ਵਜੋਂ ਮਾਨਤਾ ਦਿੰਦਾ ਹੈ।
      ਕਬੀਲਿਆਂ ਨਾਲ ਸਬੰਧ ਰੱਖਣ ਵਾਲੇ ਲੋਕ ਜੁਝਾਰੂ ਲੋਕ ਹਨ। ਅੰਗਰੇਜ਼ ਬਸਤੀਵਾਦੀਆਂ ਵਿਰੁੱਧ ਮੁੱਢਲੇ ਹਥਿਆਰਬੰਦ ਸੰਘਰਸ਼ ਉਨ੍ਹਾਂ ਨੇ ਹੀ ਲੜੇ। 1831 ਵਿਚ ਕੋਲ, 1855 ਵਿਚ ਸੰਥਾਲ, 1857 ਵਿਚ ਭੀਲ, 1860 ਵਿਚ ਲੁਸ਼ਾਈ, 1860 ਵਿਚ ਜੈਂਤੀਆ, 1895 ਵਿਚ ਮੁੰਡਾ (ਬਿਰਸਾ ਮੁੰਡਾ ਵਿਦਰੋਹ), 1912 ਵਿਚ ਕੋਇਆ, 1914 ਵਿਚ ਤਾਨਾ ਭਗਤ, 1932 ਵਿਚ ਨਾਗਾ (ਰਾਣੀ ਗਿਦੈਲੋ ਦੀ ਅਗਵਾਈ ਵਿਚ), 1941 ਵਿਚ ਗੋਂਡ ਅਤੇ ਕੋਲਮ ਕਬੀਲਿਆਂ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ।
       ਇਹ ਸੰਘਰਸ਼ ਆਜ਼ਾਦੀ ਦੇ ਬਾਅਦ ਵੀ ਜਾਰੀ ਰਿਹਾ। ਮੂਲ ਸਮੱਸਿਆ ਇਹ ਹੈ ਕਿ ਜਿਸ ਨੂੰ ਅਸੀਂ ਵਿਕਾਸ ਕਹਿੰਦੇ ਹਾਂ, ਉਹ ਕਬੀਲੇ ਦੇ ਲੋਕਾਂ ਲਈ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਹੈ। ਬਹੁਤ ਸਾਰੇ ਕਬਾਇਲੀ ਸਮਾਜਾਂ ਵਿਚ ਭਵਿੱਖ ਦਾ ਸੰਕਲਪ ਨਹੀਂ ਹੈ, ਉਹ ਖਾਣ-ਪੀਣ ਦੇ ਸਮਾਨ ਤੇ ਚੀਜ਼ਾਂ/ਵਸਤਾਂ ਦਾ ਸੰਗ੍ਰਹਿ ਨਹੀਂ ਕਰਦੇ। ਇਸ ਤਰ੍ਹਾਂ ਉਹ ਧਰਤੀ, ਜੰਗਲ ਤੇ ਹੋਰ ਕੁਦਰਤੀ ਸੋਮਿਆਂ ਦੀ ਓਦਾਂ ਦੁਰਵਰਤੋਂ ਨਹੀਂ ਕਰਦੇ ਜਿਵੇਂ ਅਸੀਂ ਕਰਦੇ ਹਾਂ। ਉਹ ਕੁਦਰਤੀ ਸੋਮਿਆਂ ਤੋਂ ਅੱਜ ਵਾਸਤੇ ਖਾਣ-ਪੀਣ ਦਾ ਸਮਾਨ ਇਕੱਠਾ ਕਰਕੇ ਸੰਤੁਸ਼ਟ ਹੋ ਜਾਂਦੇ ਹਨ। ਅਸੀਂ ਲੱਕੜੀ ਤੇ ਧਾਤਾਂ ਲਈ ਉਨ੍ਹਾਂ ਕੁਦਰਤੀ ਸੋਮਿਆਂ 'ਤੇ ਹੱਲਾ ਬੋਲਿਆ ਹੋਇਆ ਹੈ ਜਿਹੜੇ ਕਬਾਇਲੀ ਲੋਕਾਂ ਦੀ ਜਾਇਦਾਦ ਹਨ। ਸਾਰਾ ਕਸੂਰ ਸਰਕਾਰ ਤੇ ਬਹੁ-ਰਾਸ਼ਟਰੀ ਕੰਪਨੀਆਂ ਦਾ ਨਹੀਂ ਹੈ। ਅਸੀਂ ਇਸ ਦੁਰਵਰਤੋਂ ਵਿਚ ਹਿੱਸੇਦਾਰ ਹਾਂ। ਸਾਡੇ ਘਰਾਂ ਵਿਚ ਪਿਆ ਫਰਨੀਚਰ, ਏਅਰ-ਕੰਡੀਸ਼ਨਰ, ਕਾਰਾਂ, ਟਰੈਕਟਰ, ਮੋਬਾਈਲ ਫੋਨ ਆਦਿ ਇਸ ਗੱਲ ਦੇ ਗਵਾਹ ਹਨ। ਇਨ੍ਹਾਂ ਸਭ ਲਈ ਲੱਕੜ ਤੇ ਧਾਤਾਂ ਚਾਹੀਦੀਆਂ ਹਨ। ਅਸੀਂ ਵਿਕਾਸ ਦਾ ਮੌਜੂਦਾ ਮਾਡਲ, ਜਿਸ ਦੇ ਅਸੀਂ ਹਿੱਸੇਦਾਰ ਹਾਂ, 'ਤੇ ਸਵਾਲ ਨਹੀਂ ਉਠਾਉਂਦੇ।
      ਵਿਕਾਸ ਦੇ ਇਸ ਮਾਡਲ ਕਾਰਨ ਬਹੁ-ਰਾਸ਼ਟਰੀ ਕੰਪਨੀਆਂ ਨੇ ਉਨ੍ਹਾਂ ਥਾਵਾਂ 'ਤੇ ਧਾਵਾ ਬੋਲਿਆ ਹੋਇਆ ਹੈ ਜਿੱਥੇ ਕਬੀਲਿਆਂ ਦੇ ਲੋਕ ਵਸਦੇ ਹਨ। ਸੰਵਿਧਾਨ ਦੇ 5ਵੇਂ ਸ਼ਡਿਊਲ ਅਨੁਸਾਰ ਕਬਾਇਲੀ ਇਲਾਕਿਆਂ ਵਿਚਲੇ ਕੁਦਰਤੀ ਸਰੋਤਾਂ ਦੇ ਮਾਲਕ ਕਬਾਇਲੀ ਲੋਕ ਹਨ ਅਤੇ ਸੂਬੇ ਦੇ ਰਾਜਪਾਲ ਕੋਲ ਲੋਕਾਂ ਦੇ ਇਨ੍ਹਾਂ ਹੱਕਾਂ ਦੀ ਰਾਖੀ ਲਈ ਵਸੀਹ ਅਧਿਕਾਰ ਹਨ। ਅਨੁਸੂਚਿਤ ਇਲਾਕਿਆਂ ਵਿਚ ਪੰਚਾਇਤਾਂ ਦੇ ਵਿਸਥਾਰ ਸਬੰਧੀ ਐਕਟ' “The Provisions of the Panchayats (Extention to Scheduled Areas) Act 1996- PESA'' ਗ੍ਰਾਮ ਸਭਾ ਨੂੰ ਆਪਣੇ ਇਲਾਕੇ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਬਾਰੇ ਫ਼ੈਸਲੇ ਕਰਨ ਦਾ ਅਧਿਕਾਰ ਦਿੰਦਾ ਹੈ।
      ਪਰ ਇਹ ਸਭ ਕੁਝ ਹਕੀਕਤ ਵਿਚ ਨਹੀ੬ਂ ਵਾਪਰਦਾ। ਹਕੀਕਤ ਵਿਚ ਵਾਪਰਦਾ ਹੈ ਸੋਨਭੱਦਰ ਦਾ ਕਤਲੇਆਮ; ਕਬਾਇਲੀ ਲੋਕਾਂ ਨੂੰ ਆਪਣੇ ਕੁਦਰਤੀ ਸਥਾਨਾਂ ਤੋਂ ਉਜਾੜਿਆ ਜਾਂਦਾ ਹੈ। ਉਨ੍ਹਾਂ ਨੂੰ ਵਿਕਾਸ ਦਾ ਮਹੱਤਵ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇ ਉਹ ਨਹੀਂ ਸਮਝਦੇ ਤਾਂ ਪਹਿਲਾਂ ਜ਼ਬਰਦਸਤੀ ਕੀਤੀ ਜਾਂਦੀ ਹੈ ਤੇ ਜਿਹੜੇ ਧੌਂਸ ਨਹੀਂ ਮੰਨਦੇ, ਉਹ ਸਾਡੇ ਜ਼ੋਰ-ਜਬਰ ਦਾ ਸ਼ਿਕਾਰ ਬਣਦੇ ਹਨ। ਵਿਕਾਸ ਦੇ ਜਨੂੰਨ ਵਿਚ ਗੜੁੱਚ ਅਸੀਂ ਉਨ੍ਹਾਂ ਦੇ ਇਲਾਕਿਆਂ ਵਿਚ ਪਹੁੰਚ ਕੇ ਕੁਦਰਤੀ ਸਰੋਤਾਂ ਦੀ ਲੁੱਟ ਵਿਚ ਸ਼ਾਮਲ ਹੋ ਜਾਂਦੇ ਹਾਂ। ਇਸ ਲੁੱਟ ਵਿਰੁੱਧ ਹੁੰਦੇ ਸੰਘਰਸ਼ ਨੂੰ ਗ਼ੈਰ-ਜ਼ਰੂਰੀ ਹਿੰਸਾ ਗਰਦਾਨਿਆ ਜਾਂਦਾ ਹੈ। ਸੋਨਭੱਦਰ ਵਿਚ ਹੋਇਆ ਕਾਰਾ ਇਸ ਗੱਲ ਦਾ ਗਵਾਹ ਹੈ ਕਿ ਤਥਾ-ਕਥਿਤ ਸੱਭਿਆ ਸਮਾਜ ਕਬਾਇਲੀ ਲੋਕਾਂ ਨੂੰ ਤੁੱਛ ਸਮਝਦਾ ਹੈ ਤੇ ਉਨ੍ਹਾਂ 'ਤੇ ਜ਼ੁਲਮ ਕਰਨ ਤੋਂ ਹਿਚਕਚਾਉਂਦਾ ਨਹੀਂ। ਕਬਾਇਲੀ ਲੋਕਾਂ ਦੇ ਸੰਘਰਸ਼ ਦੇ ਹੱਕ ਵਿਚ ਆਵਾਜ਼ ਉਠਾਉਣ ਦੇ ਨਾਲ ਨਾਲ ਸਾਨੂੰ ਵਿਕਾਸ ਦੇ ਮੌਜੂਦਾ ਮਾਡਲ 'ਤੇ ਸਵਾਲ ਉਠਾਉਣ ਦੀ ਜ਼ਰੂਰਤ ਹੈ ਕਿਉਂਕਿ ਇਸ ਮਾਡਲ ਕਾਰਨ ਹੀ ਅਸੀਂ ਵਾਤਾਵਰਨ ਤੇ ਜਲਵਾਯੂ ਦੀ ਤਬਾਹੀ ਵੱਲ ਵਧ ਰਹੇ ਹਾਂ ਅਤੇ ਸਿੱਧੇ-ਅਸਿੱਧੇ ਰੂਪ ਵਿਚ ਕਬਾਇਲੀ ਲੋਕਾਂ 'ਤੇ ਹੁੰਦੇ ਜ਼ੋਰ-ਜਬਰ ਵਿਚ ਵੀ ਭਾਗੀਦਾਰ ਹਾਂ।